Books by Balwinder Kaur Brar
- Shah Kitab Ghar
- 2 days ago
- 16 min read
ਬਾਤਾਂ ਬਿੰਦਰ ਕੁੜੀ ਦੀਆਂ –ਬਲਵਿੰਦਰ ਕੌਰ ਬਰਾੜ
ਮੈਡਮ ਯਾਨੀ ਪ੍ਰੋ.ਬਲਵਿੰਦਰ ਕੌਰ ਬਰਾੜ ਨਾਲ ਮੇਰੇ ਸਬੰਧ ਹਿੰਦੀ ਫਿਲਮਾਂ ਵਾਂਗ ਤਕਰਾਰ ਤੋਂ ਪਿਆਰ ਵਿਚ ਬਦਲੇ ਹਨ। ਮੈਂ ਵੱਡੇ ਸ਼ਹਿਰ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਹਿਣ ਨੂੰ ਸ਼ਹਿਰ ਪਰ ਅਸਲ ਵਿਚ ਪੇਂਡੂ ਬ੍ਰਿਜਿੰਦਰਾ ਕਾਲਜ ਫਰੀਦਕੋਟ ਤੋਂ ਨਵਾਂ ਨਵਾਂ ਐਮ.ਫਿਲ. ਕਰਨ ਆਇਆ ਸੀ। ਖੱਬੇ ਪੱਖੀ ਵਿਦਿਆਰਥੀ ਲਹਿਰ ਰਾਹੀਂ ਸਿਆਸਤ ਦਾ ੳ ਅ ੲ ਜਾਣ ਕੇ ਸਾਰੀ ਪੈਂਤੀ ਜਾਣਨ ਦਾ ਭਰਮ ਪਾਲਣ ਵਾਲਾ ਸੀ। ਭੁਲਾਂਵੇ ਅੱਖਰਾਂ ਵਾਲੀ ਅਕਾਦਮਿਕ ਸਿਆਸਤ ਤੋਂ ਉੱਕਾ ਹੀ ਅਨਜਾਣ ਸੀ। ਇਕ ਦਿਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਹੀ ਪੋਸਟ–ਗ੍ਰੈਜੂਏਟ ਕਰਨ ਵਾਲੀ ਐੱਮ ਫਿਲ ਦੀ ਨਵੀਂ ਨਵੀਂ ਬਣੀ ਸਹਿਪਾਠਣ ਮੇਰੇ ਕੋਲ ਆਈ। ਉਸ ਨੇ ਆਖਿਆ ਕਿ ਆਪਣਾ ਕੰਪੈਰੇਟਿਵ ਲਿਟਰੇਚਰ ਦਾ ਪੀਰੀਅਡ ਨਹੀਂ ਲੱਗਣ ਲੱਗਾ, ਇਸ ਸਬੰਧੀ ਆਪਾਂ ਮੁਖੀ ਨੂੰ ਬੇਨਤੀ ਕਰਨੀ ਹੈ, ਪੀਰੀਅਡ ਦਾ ਕੋਈ ਪ੍ਰਬੰਧ ਕਰਨ। ਮੈਂ ਝੱਟਪੱਟ ਦਸਤਖਤ ਕਰ ਦਿੱਤੇ। ਪਿੱਛੋਂ ਪਤਾ ਲੱਗਾ ਕਿ ਪੱਛਮੀ ਯੂਨੀਵਰਸਿਟੀਆਂ ਦੀ ਦੇਖਾ ਦੇਖੀ ਭਾਰਤੀ ਯੂਨੀਵਰਸਿਟੀਆਂ ਵਿਚ ਵੀ ਪੁਰਾਣੀ ਬਸਤੀਵਾਦੀ ਅਕਾਦਮਿਕਤਾ ਦੀ ਰਹਿੰਦ ਖੂੰਹਦ ਕੰਪੈਰੇਟਿਵ ਲਿਟਰੇਚਰ ਦਾ ਸੰਕਲਪ ਨਵੇਂ ਫੈਸ਼ਨ ਵਜੋਂ ਦਾਖਲ ਹੋ ਚੁੱਕਾ ਸੀ। ਇਸ ਨਵੇਂ ਅਨੁਸ਼ਾਸਨ ਬਾਰੇ ਅੰਗਰੇਜ਼ੀ ਵਿਭਾਗ ਦੇ ਡਾ. ਗੁਰਭਗਤ ਸਿੰਘ ਅਤੇ ਪੰਜਾਬੀ ਦੇ ਡਾ. ਰਵਿੰਦਰ ਸਿੰਘ ਰਵੀ ਤੋਂ ਬਗ਼ੈਰ ਬਾਕੀ ਕੁਝ ਨਹੀਂ ਜਾਣਦੇ ਸੀ ਅਤੇ ਉਸ ਸਮੇਂ ਇਸ ਦੀ ਪੰਜਾਬੀ ਹਿੰਦੀ ਵਿੱਚ ਕੋਈ ਪੁਸਤਕ ਵੀ ਨਹੀਂ ਮਿਲਦੀ ਸੀ। ਇਕ ਸਿਆਸਤ ਅਧੀਨ ਤਤਕਾਲੀ ਮੁਖੀ ਅਤੇ ਉਸਦੇ ਸਾਥੀਆਂ ਨੇ ਨਾਕੇਵਲ ਇਹ ਪੇਪਰ ਬਣਾਇਆ/ਲਗਾਇਆ ਸੀ। ਸਗੋਂ ਮੈਡਮ ਬਲਵਿੰਦਰ ਕੌਰ ਬਰਾੜ ਨੂੰ ਜੂਨੀਅਰ ਅਧਿਆਪਕ ਹੁੰਦਿਆਂ ਠਿੱਠ ਕਰਨ ਹਿਤ ਇਹ ਪੇਪਰ ਦਿੱਤਾ ਸੀ। ਸਾਡੇ ਬੇਨਤੀ ਪੱਤਰ ਨੂੰ ਮੁਖੀ ਨੇ ਖੂਬ ਮਿਰਚ ਮਸਾਲੇ ਲਗਾ ਕੇ ਸ਼ਿਕਾਇਤੀ ਪੱਤਰ ਬਣਾ ਕੇ ਵਾਈਸ–ਚਾਂਸਲਰ ਕੋਲ ਪਹੁੰਚਾ ਦਿੱਤਾ। ਖ਼ੈਰ ਉਥੇ ਕੁਝ ਨਾ ਹੋਇਆ ਕਿਉਂਕਿ ਤਤਕਾਲੀ ਵਾਈਸ–ਚਾਂਸਲਰ ਭਗਤ ਸਿੰਘ ਨਾ ਕੇਵਲ ਮੈਡਮ ਬਲਵਿੰਦਰ ਕੌਰ ਬਰਾੜ ਦੇ ਪੇਕੇ ਮੋਰਾਂਵਾਲੀ ਦਾ ਸੀ ਸਗੋਂ ਚਾਚਾ ਵੀ ਲਗਦਾ ਸੀ। ਦੂਜੇ ਚੌਥੇ ਦਿਨ ਮੈਨੂੰ ਕੁੜੀਆਂ ਦੇ ਹੋਸਟਲ ਤੋਂ ਉਸ ਸਮੇਂ ਪ੍ਰਚੱਲਤ ਅੰਦਰੂਨੀ ਇੰਟਰਕਾਮ ਲੈਂਡਲਾਈਨ ਤੇ ਫੋਨ ਆਇਆ ਕਿ ਅਸੀਂ ਕੁੜੀਆਂ ਤਾਂ ਮੈਡਮ ਤੋਂ ਮੁਆਫੀ ਮੰਗ ਆਈਆਂ ਹਾਂ, ਤੂੰ ਵੀ ਮੁਆਫੀ ਮੰਗ ਆ । ਮੈਂ ਆਪਣੇ ਸੁਭਾਅ ਅਨੁਸਾਰ ਤਿੜਕ ਗਿਆ ਕਿ ਪਹਿਲਾਂ ਪੱਤਰ ਲਿਖਿਆ ਹੀ ਕਿਉਂ ਸੀ? ਹੁਣ ਮੁਆਫੀ ਦੀ ਕੀ ਲੋੜ ਹੈ, ਆਖਿਰ ਪੀਰੀਅਡ ਤਾਂ ਨਹੀਂ ਲਗਦਾ ਸੀ ਨਾ। ਇਹ ਤਾਂ ਥੁੱਕ ਕੇ ਚੱਟਣਾ ਹੈ। ਉਹ ਸਹਿਪਾਠਣ ਸਫਾਈਆਂ ਦੇਣ ਲੱਗੀ ਕਿ ਉਹ ਕਿਸੇ ਦੇ ਝਾਂਸੇ ਵਿਚ ਆ ਗਈ ਸੀ। ਹੁਣ ਆਪਣੀ ਕਲਾਸ ਦੇ ਮੁੰਡੇ ਵੀ ਮੈਡਮ ਪਾਸ ਜਾ ਆਏ ਹਨ, ਅਸੀਂ ਕੁੜੀਆਂ ਤਾਂ ਬਾਅਦ ਵਿਚ ਗਈਆਂ ਹਾਂ, ਸੋ ਤੂੰ ਵੀ ਜਾ ਆ। ਖ਼ੈਰ ਮੈਂ ਨਾ ਗਿਆ ਤੇ ਨਾ ਮੁਆਫੀ ਮੰਗੀ ਤੇ ਨਾ ਹੀ ਮੈਡਮ ਨੇ ਕਦੇ ਕਲਾਸ ਪੜ੍ਹਾਈ। ਅਸੀਂ ਏਧਰੋਂ ਓੁਧਰੋਂ ਰੇਮੰਡ ਵਿਲੀਅਮ ਦੀ ਡਿਸਕ੍ਰਿਮੀਨੇਸ਼ਨ ਵਿਚੋਂ ਲੇਖ ਅਨੁਵਾਦ ਕਰਕੇ ਕੱਚੇ ਪੱਕੇ ਨੋਟਿਸ ਬਣਾ ਲਏ। ਇਹ ਤਾਂ ਬਾਅਦ ਵਿਚ ਪਤਾ ਚਲਦਾ ਹੈ ਕਿ ਮੈਡਮ ਖੁਦ ਗੁਰਭਗਤ ਸਿੰਘ ਕੋਲ ਗਏ ਸੀ ਕਿ ਤੁਸੀਂ ਇਹ ਪੇਪਰ ਪੜ੍ਹਾ ਦਿਓ ਮੈਂ ਵਿਦਿਆਰਥੀ ਬਣ ਕੇ ਸੁਣ ਲਵਾਂਗੀ ਪਰ ਉਨ੍ਹਾ ਆਖਿਆ ਕਿ ਪਹਿਲਾਂ ਵਿਭਾਗ ਵੱਲੋਂ ਲਿਖਤੀ ਬੇਨਤੀ ਆਵੇ। ਰਵਿੰਦਰ ਸਿੰਘ ਰਵੀ ਨੂੰ ਆਖਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਜੇ ਛੁੱਟੀ ਤੇ ਹਨ ਸੋ ਤਕਨੀਕੀ ਤੌਰ ਤੇ ਉਹ ਪੜ੍ਹਾ ਨਹੀਂ ਸਕਦੇ। ਦਾਸ ਯੂਨੀਵਰਸਿਟੀ ਅਕਾਦਮਿਕਤਾ ਸਿਆਸਤ ਤੋਂ ਅਨਜਾਣ ਸੀ ਪਰ ਉੱਲੂ ਨਹੀਂ ਸੀ। ਕੁਝ ਦੇਰ ਬਾਅਦ ਸਭ ਸਮਝ ਆ ਗਿਆ ਕਿ ਇਹ ਤਾਂ ਕੁਝ ਅਧਿਆਪਕਾਂ ਦੀ ਗੁਰਬਾਣੀ ਅਤੇ ਲੋਕਧਾਰਾ ਦੀ ਵਿਸ਼ੇਸ਼ਗਤਾ ਵਾਲੀ ਮੈਡਮ ਬਲਵਿੰਦਰ ਕੌਰ ਬਰਾੜ ਨੂੰ ਨਵਾਂ ਯੋਰਪੀ ਸਿਧਾਂਤਾਂ ਦਾ ਪੇਪਰ ਦੇ ਕੇ ਵਿਦਿਆਰਥੀਆਂ ਦੀਆਂ ਨਜ਼ਰਾਂ ਵਿਚ ਡੇਗਣ ਦੀ ਚਾਲ ਸੀ। ਸ਼ਿਕਾਇਤੀ ਪੱਤਰ ਲਿਖਣ ਵਾਲੇ ਵਿਦਿਆਰਥੀ ਤਾਂ ਅਕਾਦਮਿਕ ਸਿਆਸਤ ਦੀ ਸ਼ਤਰੰਜ ਦੇ ਮੋਹਰੇ ਸਨ ਜਿਨ੍ਹਾਂ ਨੇ ਪਿਆਦਿਆਂ ਵਾਂਗ ਰਾਜੇ ਵਜ਼ੀਰਾਂ ਦੀ ਖੇਡ ਵਿਚ ਮਰਨਾ ਹੀ ਹੁੰਦਾ ਹੈ ਜਾਂ ਘੋੜੇ ਵਾਂਗ ਢਾਈ ਘਰ ਟੱਪ ਕੇ ਆਪਣਾ ਬਚਾਅ ਕਰਨਾ ਹੁੰਦਾ ਹੈ। ਖੈਰ ਕੁਝ ਦੇਰ ਬਾਅਦ ਜਦੋਂ ਮੈਂ ਖੁਦ ਉਸੇ ਸਿਆਸਤ ਦਾ ਸ਼ਿਕਾਰ ਹੋਇਆ। ਐਮ.ਏ.,ਐਮ.ਫਿਲ. ਤੋਂ ਇਲਾਵਾ ਯੂ.ਜੀ.ਸੀ. ਦੇ ਪਹਿਲੇ ਬੈਚ ਦਾ ਜੇ.ਆਰ.ਐਫ.ਨੈੱਟ ਟੈਸਟ ਪਾਸ ਹੁੰਦਿਆਂ ਵੀ ਫੈਲੋਸ਼ਿਪ ਲਈ ਤਤਕਾਲੀ ਮੁਖੀ ਦੀ ਖੋਤੇ ਵਾਲੀ ਅੜੀ ਕਾਰਨ ਵਾਰ ਵਾਰ ਰਿਜੈਕਟ ਕੀਤਾ ਜਾਣ ਲੱਗਾ ਤਾਂ ਮੈਡਮ ਮੇਰੇ ਨਾਲ ਚਟਾਨ ਵਾਂਗ ਖੜ੍ਹ ਗਏ। ਇਹ ਬਾਅਦ ਵਿਚ ਦੱਸਾਂਗਾ ਮੇਰੀ ਮੈਡਮ ਨਾਲ ਨੇੜਤਾ ਕਿਸੇ ਹੋਰ ਨੇ ਨਹੀਂ ਮੇਰੀ ਘਰਵਾਲੀ ਚਰਨਜੀਤ ਕੌਰ ਨੇ ਕਰਵਾਈ ਸੀ। ਪੰਜਾਬੀ ਵਿਭਾਗ ਵਿਚ ਮੈਡਮ ਦਲੀਪ ਕੋਰ ਟਿਵਾਣਾ, ਡਾ.ਨਾਹਰ ਸਿੰਘ, ਬਲਵਿੰਦਰ ਕੌਰ ਬਰਾੜ ਦਾ ਇਕ ਗਰੁੱਪ ਸੀ। ਡਾ.ਗੁਰਚਰਨ ਸਿੰਘ ਅਰਸ਼ੀ, ਡਾ.ਰਵਿੰਦਰ ਰਵੀ ਅਤੇ ਪ੍ਰੇਮ ਪ੍ਰਕਾਸ਼ ਸਿੰਘ ਦਾ ਇਕ ਗਰੁੱਪ ਸੀ। ਬਾਕੀ ਵਿਚ–ਵਿਚਾਲੇ ਸਨ। ਮੇਰੇ ਐਮ.ਫਿਲ ਦੇ ਨਿਗਰਾਨ ਡਾ. ਨਾਹਰ ਸਿੰਘ ਮੈਨੂੰ ਬਲਵਿੰਦਰ ਕੌਰ ਬਰਾੜ ਦੇ ਘਰ ਲੈ ਗਏ। ਮੈਡਮ ਅੱਗੋਂ ਮੂੰਹ ਫੱਟ ਤੇ ਝੱਟ ਮੂੰਹ ਤੇ ਮਾਰਨ ਵਾਲੇ, ਨਾਹਰ ਸਿੰਘ ਨੂੰ ਆਖਣ ਲੱਗੇ ‘ਇਹਨੇ ਤਾਂ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਸੀ ਤੇ ਅੱਜ ਤਕ ਮੁਆਫੀ ਮੰਗਣ ਨਹੀਂ ਆਇਆ। ਸਾਰੀ ਕਲਾਸ ਮੁਆਫੀ ਮੰਗ ਗਈi’ ਮੈਂ ਹੁਣ ਮੁਆਫੀ ਤਾਂ ਕੀ ਮੰਗਣੀ ਸੀ ਪਰ ਚੁੱਪਚਾਪ ਬੈਠਾ ਰਿਹਾ। ਮੈਡਮ ਆਪੇ ਹੀ ਕਹਿੰਦੇ ‘ਹੁਣ ਡੁੰਨ ਵੱਟਾ ਜਿਹਾ ਬਣ ਕੇ ਬੈਠੈ। ਚੱਲ ਚੱਲੀਏ ਫੇਰ ਚਾਚਾ ਜੀ ਦਫ਼ਤਰ ਆ ਜਾਣਗੇ।’ ਅਸੀਂ ਤਿੰਨੇ ਵਾਈਸ–ਚਾਂਸਲਰ ਦੀ ਕੋਠੀ ਗਏ। ਅਗਲੇ ਦਿਨ ਮੇਰੀ ਰਿਸਰਚ ਸਕਾਲਰ ਵਜੋਂ ਪੱਤਰ ਵਿਹਾਰ ਸਿੱਖਿਆ ਵਿਭਾਗ ਵਿਚ ਹਾਜ਼ਰੀ ਪੈਣ ਲੱਗੀ।
ਅਸਲ ਵਿਚ ਮੈਡਮ ਨਾਲ ਮੇਰੀ ਘਰਵਾਲੀ ਚਰਨਜੀਤ ਕੌਰ ਨਾਲ ਆੜੀ ਪੈਣ ਦੀ ਵੀ ਅਜੀਬ ਦਾਸਤਾਨ ਹੈ। ਚਰਨਜੀਤ ਯੂਨੀਵਰਸਿਟੀ ਦੇ ਦਫਤਰ ਵਿਚ ਕੰਮ ਕਰਦੀ ਸੀ। ਉਸ ਨੇ ਆਖਣਾ ਪੰਜਾਬੀ ਵਿਭਾਗ ਵਿਚ ਮੇਰੀ ਇਕ ਮੈਡਮ ਸਹੇਲੀ ਹੈ, ਮੈਂ ਆਖਿਆ ਤੂੰ ਕਦੇ ਇਸ ਵਿਭਾਗ ਦੀ ਵਿਦਿਆਰਥੀ ਨਹੀਂ ਰਹੀਂ ਤੇ ਮੈਡਮ ਕਦੇ ਦਫਤਰ ਦੀ ਕਰਮਚਾਰੀ ਨਹੀਂ ਰਹੀ, ਫੇਰ ਤੇਰੀ ਸਹੇਲੀ ਕਿਵੇਂ ਹੋਈ। ਉਸ ਨੇ ਆਖਿਆ ਸਾਡਾ ਮੇਲਿਆਂ ਤੇ ਮੇਲ ਹੋਇਆ ਤੇ ਸਹੇਲਪੁਣਾ ਪੈ ਗਿਆ। ਅਸਲ ਵਿਚ ਉਨ੍ਹਾਂ ਦਿਨਾਂ ਵਿਚ ਯੂਨੀਵਰਸਿਟੀ ਵਿਚ ਬਹੁਤ ਪ੍ਰੋਗਰਾਮ ਹੁੰਦੇ ਸਨ। ਚਰਨਜੀਤ ਨਾਟਕ ਵੇਖਣ ਦੀ ਚੇਟਕ ਰੱਖਦੀ ਸੀ, ਮੈਡਮ ਹਰ ਗੀਤ–ਸੰਗੀਤ, ਨਾਚ ਗਾਣਿਆਂ ਵਿਚ ਅੱਗੇ ਹੋ ਕੇ ਬੈਠੇ ਹੁੰਦੇ, ਇਕ ਹਾਲ ਫੁੱਲ ਪ੍ਰੋਗਰਾਮ ਵਿਚ ਚਰਨਜੀਤ ਮੈਡਮ ਨਾਲ ਘੁਸੜਦਿਆਂ ਬੋਲੀ ‘ਸਹੇਲੀ ਮਾੜਾ ਜਿਆ ਪਾਸਾ ਈ ਮਾਰ ਲੈ।’ ਏਥੋਂ ਹੀ ਦੋਹਾਂ ਦਾ ਸਹੇਲਪੁਣਾ ਪੈ ਗਿਆ।
ਮੈਡਮ ਬਰਾੜ ਰੂਲਾਂ ਅਸੂਲਾਂ ਦੀ ਥਾਂ ਰੂਹਾਂ ਦੀਆਂ ਗੱਲਾਂ ਸੁਣਦੇ ਸਨ, ਦਿਲ ਦੀ ਮੰਨਦੇ ਸਨ। ਵੈਸੇ ਉਨ੍ਹਾਂ ਨੂੰ ਬਹੁਤ ਨਿਯਮਾਂ ਦਾ ਪਤਾ ਹੀ ਨਹੀਂ ਸੀ ਤੇ ਉਹ ਪਤਾ ਕਰਨਾ ਵੀ ਨਹੀਂ ਚਾਹੁੰਦੇ ਸਨ। ਉਨ੍ਹਾਂ ਦੇ ਬੜੇ ਜਟਕੇ ਤਰਕ ਸਨ ਜਦੋਂ ਆਪਾਂ ਕਿਸੇ ਦਾ ਮਾੜਾ ਨਹੀਂ ਕਰਦੇ ਤਾਂ ਆਪਣਾ ਮਾੜਾ ਕੋਈ ਕਿਉਂ ਕਰੂ? ਇਹ ਹਿਸਾਬ ਕਿਤਾਬ ਮੇਰੇ ਵੱਸ ਦਾ ਨਹੀਂ, ਨਾ ਕੀਤਾ ਹੈ, ਨਾ ਕਰਨਾ ਹੈ। ਉਨ੍ਹਾਂ ਦਾ ਜੱਟ ਸੌਦਾ ਘੱਟੋ ਘੱਟ ਉਨ੍ਹਾਂ ਨਾਲ ਖਰਾ ਉੱਤਰਦਾ ਰਿਹਾ। ਉਸ ਸਮੇਂ ਯੂਨੀਵਰਸਿਟੀ ਵਿਚ ਜਮ੍ਹਾਂ ਹੋਣ ਵਾਲਾ ਫਾਰਮ ਕਿਸੇ ਅਧਿਆਪਕ ਤੋਂ ਅਟੈਸਟ ਕਰਾਉਣਾ ਪੈਂਦਾ ਸੀ। ਮੈਡਮ ਬਿਨਾਂ ਦੇਖੇ, ਬਿਨਾਂ ਪੜ੍ਹੇ ਸਾਰੀ ਦਿਹਾੜੀ ਹਰ ਇਕ ਦਾ ਫਾਰਮ ਅਟੈਸਟ ਕਰਦੇ ਰਹਿੰਦੇ ਸੀ। ਇਸ ਗੱਲ ਦੀ ਦੂਜੇ ਵਿਭਾਗਾਂ ਵਿਚ ਤਾਂ ਕੀ ਯੂਨੀਵਰਸਿਟੀ ਤੋਂ ਬਾਹਰ ਵੀ ਬੜੀ ਮਸ਼ਹੂਰੀ ਸੀ ਕਿ ਜਿਸ ਦਾ ਫਾਰਮ ਕੋਈ ਨਹੀਂ ਕਰਦਾ ਮੈਡਮ ਬਰਾੜ ਤੋਂ ਕਰਵਾ ਲਿਆਓ। ਖਾੜਕੂਵਾਦ ਦਾ ਜ਼ਮਾਨਾ ਸੀ, ਬੜੇ ਗਲਤ ਮਲਤ ਕੰਮ ਵੀ ਹੁੰਦੇ ਸੀ, ਅਧਿਆਪਕ ਬਹੁਤ ਡਰਦੇ ਸਨ ਪਰ ਮੈਡਮ ਧੜਾਧੜ ਸਾਈਨ ਕਰੀ ਜਾਂਦੇ। ਇਕ ਵਾਰ ਪ੍ਰੀਖਿਆ ਸ਼ਾਖਾ ਵੱਲੋਂ ਗਲਤ ਅਟੈਸਟੇਸ਼ਨ ਫੜੀ ਗਈ ਪਰ ਇਹ ਮੈਡਮ ਬਰਾੜ ਨਹੀਂ ਸਗੋਂ ਸਭ ਤੋਂ ਵੱਧ ਅਸੂਲੀ ਬੰਦੇ ਸੋਚ ਸੋਚ ਪੈੱਨ ਕੱਢਣ ਵਾਲੇ ਗੁਰਭਗਤ ਸਿੰਘ ਦੀ ਕੀਤੀ ਹੋਈ ਸੀ। ਇਕ ਵਾਰ ਅਸੀਂ ਮੈਡੀਕਲ ਦੀ ਦਾਖਲਾ ਪ੍ਰੀਖਿਆ ਲੈਣ ਬਠਿੰਡੇ ਵੱਲ ਗਏ। ਉਸ ਸਮੇਂ ਅਜੇ ਮੈਡੀਕਲ ਯੂਨੀਵਰਸਿਟੀ ਨਹੀਂ ਬਣੀ ਸੀ। ਪੀ.ਐਮ.ਟੀ. ਮੁਕਾਬਲੇ ਦਾ ਇਮਤਿਹਾਨ ਸੀ, ਬੜੀ ਸਖਤਾਈ ਸੀ। ਨਵੀਂ ਨਵੀਂ ਓ.ਐਮ.ਆਰ.ਸ਼ੀਟ ਤੇ ਪੇਪਰ ਹੋਣੇ ਸ਼ੁਰੂ ਹੋਏ ਸਨ, ਔਬਜੈਕਟਿਵ ਟਾਈਪ ਪੇਪਰ ਲੈਣੇ ਸਨ। ਕਈ ਕਿਸਮ ਦੇ ਫਾਰਮ ਸਨ। ਕਈ ਥਾਵਾਂ ਤੇ ਸਾਈਨ ਹੋਣੇ ਸਨ, ਕਈ ਕੁਝ ਦੇਖਣਾ ਪਾਖਣਾ ਸੀ। ਸ਼ੀਟਾਂ ਦੀ ਪੈਕਿੰਗ ਲਈ ਵਿਸ਼ੇਸ਼ ਡੱਬਾ ਸੀ। ਪ੍ਰਸ਼ਨ ਪੱਤਰ ਵੀ ਵਾਪਿਸ ਲੈ ਕੇ ਆਉਣੇ ਸੀ। ਸਾਡੀ ਡਿਊਟੀ ਬਠਿੰਡੇ ਵੱਲ ਸੀ, ਅਸੀਂ ਸੈਂਟਰ ਤੇ ਜਾ ਕੇ ਪੇਪਰ ਖੋਲ੍ਹ ਲਿਆ, ਕਰਵਾ ਲਿਆ, ਆਪਣੀ ਸਮਝ ਅਨੁਸਾਰ ਪੈਕ ਵੀ ਕਰ ਦਿੱਤਾ ਪਰ ਕੁਝ ਕਾਗ਼ਜ਼ਾਂ ਦੀ ਸਮਝ ਨਾ ਆਵੇ ਕਿ ਕੀ ਕਰਨਾ ਹੈ? ਮੈਡਮ ਨੇ ਸੁਪਰਡੈਂਟ ਦੀ ਹੈਸੀਅਤ ਵਿਚ ਹੁਕਮ ਦਿੱਤਾ ਹਿਸਾਬ ਕਿਤਾਬ ਛੱਡੋ ਸਭ ਕੁਝ ਵੱਡੀ ਬੋਰੀ ਵਿਚ ਬੰਦ ਕਰੋ। ਚੱਲੋਂ ਚੱਲੀਏ ਪਟਿਆਲੇ ਨੂੰ, ਹਨੇਰਾ ਹੋਈ ਜਾਂਦੈ। ਡਰਦੇ ਡਰਦੇ ਕਲਰਕ ਨੇ ਹੁਕਮ ਦੀ ਤਾਮੀਲ ਕੀਤੀ ਪਰ ਆਪਣੇ ਵੱਲੋਂ ਇਹਤਿਹਾਦ ਵਜੋਂ ਬੋਰੀ ਦੇ ਮੂੰਹ ਤੇ ਲਾਖ ਨਾਲ ਸੀਲ ਲਗਾ ਦਿੱਤੀ। ਹਨੇਰੇ ਹੋਏ ਯੂਨੀਵਰਸਿਟੀ ਪਹੁੰਚੇ, ਅੱਗੇ ਪੇਪਰ ਜਮ੍ਹਾਂ ਕਰਾਉਣ ਵਾਲੇ ਪ੍ਰੋਫੈਸਰਾਂ ਦੀ ਲਾਈਨ ਲੱਗੀ ਹੋਈ ਸੀ, ਮੈਡਮ ਖਿੱਝ ਗਏ। ਉਨ੍ਹਾਂ ਕਲਰਕ ਨੂੰ ਜਮ੍ਹਾਂ ਕਾਉਂਟਰ ਦੇ ਪਿੱਛੇ ਬੋਰੀ ਨੂੰ ਸਿੱਟਣ ਨੂੰ ਕਿਹਾ ਤੇ ਤੁਰਦੇ ਬਣੇ। ਨਾ ਕੋਈ ਰਸੀਦ ਨਾ ਕੋਈ ਰਸੀਵਿੰਗ। ਅਗਲੇ ਦਿਨ ਦੁਪਹਿਰੇ ਦਾਖਲਾ ਸੈੱਲ ਦਾ ਕਲਰਕ ਲੱਭਦਾ ਫਿਰੇ ਕਿ ਸਭ ਕੁਝ ਪੂਰਾ ਹੈ, ਬੱਸ ਮੈਡਮ ਇਕ ਦੋ ਕਾਗ਼ਜ਼ਾਂ ਤੇ ਸਾਈਨ ਕਰ ਦੇਣ। ਅਜਿਹੇ ਦਬੰਗ ਸਨ ਮੈਡਮ। ਇਹ ਤਾਂ ਛੋਟੀ ਗੱਲ ਹੈ ਉਹ ਡਰਦੇ ਨਹੀਂ ਸੀ ਰੂਹ–ਪੋਸ਼ ਖਾੜਕੂਆਂ ਨੂੰ ਪਨਾਹ ਵੀ ਦੇ ਦਿੰਦੇ ਸਨ, ਏਧਰ ਓਧਰ ਵੀ ਕਰ ਦਿੰਦੇ ਸਨ। ਉਨ੍ਹਾਂ ਦਾ ਤਰਕ ਸੀ ਕਿ ਮੁੰਡੇ ਤਾਂ ਬੇਕਸੂਰ ਹਨ, ਪੁਲਿਸ ਹੀ ਪੈਸੇ ਬਨਾਉਣ ਲਈ ਹਰਲ ਹਰਲ ਕਰਦੀ ਫਿਰਦੀ ਹੈ। ਪੁਲਿਸ ਹਰ ਮੁੱਛ ਫੁੱਟ ਪੱਗ ਵਾਲੇ ਨੂੰ ਕੁੱਟ ਧਰਦੀ ਹੈ, ਕਈ ਡਰਦੇ ਹੀ ਉਨ੍ਹਾਂ ਨਾਲ ਰਲ ਜਾਂਦੇ ਹਨ। ਮੈਨੂੰ ਕਿਸੇ ਦੀ ਜਾਨ ਬਚਾ ਕੇ ਸਕੂਨ ਮਿਲਦਾ ਹੈ। ਖ਼ੈਰ ਮੈਂ ਉਨ੍ਹਾਂ ਨਾਲ ਸਹਿਮਤ ਨਾ ਹੁੰਦਾ ਪਰ ਉਹ ਸਿੱਖ ਖਾੜਕੂ ਲਹਿਰ ਨਾਲ ਹਮਦਰਦੀ ਰਖਦੇ ਸਨ ਪਰ ਇਸ ਨੂੰ ਵਿਚਾਰਧਾਰਕ ਮੁੱਦਾ ਨਾ ਬਣਾਉਂਦੇ ਕੇਵਲ ਜਜ਼ਬਾਤੀ ਪੱਧਰ ਤੇ ਉਨ੍ਹਾਂ ਬਾਰੇ ਗੱਲਾਂ ਕਰਦੇ। ਤੈਨੂੰ ਪਤੈ ਫਲਾਨਾ ਮਾਰਿਆ ਗਿਆ, ਕੱਲਾ ਕੱਲਾ ਮੁੰਡਾ ਸੀ, ਘਰੋਂ ਚੱਕ ਕੇ ਮਾਰਤਾ। ਤੈਨੂੰ ਪਤੈ ਢਿਮਕਾ ਇਨ੍ਹਾਂ ਨਾਲ ਕਿਉਂ ਰਲਿਆ ਪੁਲਿਸ ਵਾਲੇ ਤੰਗ ਕਰਦੇ ਸੀ। ਅਸਲ ਵਿਚ ਉਨ੍ਹਾਂ ਨੂੰ ਸਿਆਸਤ ਦੀ ਕੋਈ ਬਹੁਤੀ ਸਮਝ ਨਹੀਂ ਸੀ, ਓਸ ਵੇਲੇ ਦੇ ਜਜ਼ਬਾਤੀ ਵਹਾਅ ਵਿਚ ਵਹਿ ਰਹੇ ਸੀ।
ਮੈਡਮ ਬਰਾੜ ਦਾ ਇਕ ਸ਼ੌਂਕ ਵਿਦਿਆਰਥੀ ਟੂਰ ਲਿਜਾਣ ਦਾ ਸੀ। ਉਹ ਹਰ ਸਾਲ ਵਿਦਿਆਰਥੀਆਂ ਦਾ ਟੂਰ ਲੈ ਕੇ ਜਾਂਦੇ, ਕਈ ਵਾਰ ਤਾਂ ਸਾਲ ਵਿਚ ਦੋ ਵਾਰ ਵੀ ਲੈ ਜਾਂਦੇ। ਬੱਚਿਆਂ ਨਾਲ ਬੱਚੇ ਹੋ ਜਾਂਦੇ। ਵਿਚ ਬਹਿ ਕੇ ਟੱਪੇ ਗਵਾਉਂਦੇ, ਬੋਲੀਆਂ ਪਵਾਉਂਦੇ, ਨੱਚਦਿਆਂ ਨੂੰ ਵੇਂਹਦੇ। ਇਕ ਧਿਰ ਦੀ ਅਗਵਾਈ ਕਰਨ ਲੱਗ ਜਾਂਦੇ। ਅਕਸਰ ਮੁੰਡਿਆਂ ਵਾਲੇ ਪਾਸੇ ਹੋ ਜਾਂਦੇ। ਉਨ੍ਹਾਂ ਨੂੰ ਸਭ ਤੋਂ ਵੱਧ ਖੁਸ਼ੀ ਉਨ੍ਹਾਂ ਬੱਚਿਆਂ ਨੂੰ ਟੂਰ ਤੇ ਲਿਜਾ ਕੇ ਹੁੰਦੀ ਜਿਨ੍ਹਾਂ ਨੇ ਕਦੇ ਕੁਝ ਵੇਖਿਆ ਨਾ ਹੁੰਦਾ। ਅਕਸਰ ਉਹ ਬਹੁਤ ਕਿਫਾਇਤੀ ਟੂਰ ਲਗਾਉਂਦੇ। ਅਕਸਰ ਰਾਤਾਂ ਗੁਰਦੁਆਰਾ ਸਾਹਿਬ ਵਿਚ ਕਟਾਉਂਦੇ, ਉਥੇ ਹੀ ਲੰਗਰ ਛਕਾਉਂਦੇ, ਗਰੀਬ ਵਿਦਿਆਰਥੀਆਂ ਦਾ ਖਰਚ ਵੀ ਸਾਂਝੇ ਖਰਚੇ ਵਿਚੋਂ ਭਰ ਦਿੰਦੇ। ਜਦੋਂ ਵਿਦਿਆਰਥੀ ਨਵੀਆਂ ਥਾਵਾਂ ਦੇਖ ਕੇ ਹੈਰਾਨ ਹੁੰਦੇ ਤਾਂ ਉਹ ਵਿਦਿਆਰਥੀ ਨੂੰ ਦੇਖ ਦੇਖ ਹੈਰਾਨ ਹੁੰਦੇ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲੀ ਵਾਰ ਪਹਾੜ ਦੇਖਿਆ ਹੁੰਦਾ, ਉਹ ਕਿਲਕਾਰੀਆਂ ਮਾਰ ਕੇ ਹੈਰਾਨ ਹੁੰਦੇ। ਉਹ ਉਨ੍ਹਾਂ ਦੀਆਂ ਭੋਲੀਆਂ ਭਾਲੀਆਂ ਗੱਲਾਂ ਨੂੰ ਸੁਣ ਕੇ ਅਨੰਦਿਤ ਹੁੰਦੇ। ਉਨ੍ਹਾਂ ਦੀ ਖੁਸ਼ੀ ਵਿਚ ਖੁਸ਼ ਹੁੰਦੇ ।
ਅਸਲ ਵਿਚ ਉਨ੍ਹਾਂ ਦੀ ਆਪਣੀ ਜ਼ਿੰਦਗੀ ਏਨੀ ਸੌਖੀ ਜਾਂ ਖੁਸ਼ਨੁਮਾ ਨਹੀਂ ਸੀ। ਉਨ੍ਹਾਂ ਦੇ ਹਸਦੇ ਚਿਹਰੇ ਤੇ ਹਰ ਗੱਲ ਨੂੰ ਠੱਠੇ ਵਿਚ ਉਡਾ ਦੇਣ ਪਿੱਛੇ ਡੂੰਘਾ ਦਰਦ ਸਮਾਇਆ ਹੋਇਆ ਸੀ। ਜੁਆਨ ਉਮਰੇ ਵਿਧਵਾ ਹੋ ਕੇ ਜਤ ਸਤ ਕਾਇਮ ਰਖਦਿਆਂ, ਦੋ ਬੱਚੇ ਦਿਵਦੀਪ ਤੇ ਸਵੈਦੀਪ ਨੂੰ ਪਾਲਣਾ ਸੌਖਾ ਕੰਮ ਨਹੀਂ ਸੀ। ਪ੍ਰੋ. ਹਰਬੰਸ ਸਿੰਘ ਬਰਾੜ ਵਰਗੇ ਸੰਵੇਦਨਸ਼ੀਲ ਜ਼ਹੀਨ ਇਨਸਾਨ ਦਾ ਅਚਾਨਕ ਸਾਥ ਛੱਡ ਜਾਣ ਦਾ ਵਿਗੋਚਾ ਕੋਈ ਛੋਟਾ ਨਹੀਂ ਸੀ। ਉਨ੍ਹਾਂ ਨੇ ਡਾ.ਬਰਾੜ ਦੀ ਯਾਦ ਨੂੰ ਕਿਤੇ ਅੰਦਰ ਸਮੋ ਲਿਆ। ਹਰ ਸਾਲ ਉਨ੍ਹਾਂ ਦੀ ਯਾਦ ਵਿਚ ਪਾਠ ਰਖਾਉਂਦੇ ਪਰ ਹਰ ਵੇਲੇ ਹਰ ਕੋਲ ਦੁੱਖ ਨਾ ਫੋਲਦੇ ਸਗੋਂ ਅੰਦਰ ਹੀ ਅੰਦਰ ਜੀਰਦੇ। ਉਨ੍ਹਾਂ ਨੇ ਬੜੀ ਸੁਘੜਤਾ ਨਾਲ ਬੱਚੇ ਪਾਲੇ, ਪੜ੍ਹਾਏ ਤੇ ਵਿਆਹੇ। ਹੁਣ ਸੁੱਖ ਨਾਲ ਦਾਦੀ ਨਾਨੀ ਹੈ ਪਰ ਇਸ ਪਿੱਛੇ ਇਕ ਸਿਰੜ ਕਹਾਣੀ ਹੈ। ਬੇਟੀ ਇੰਗਲੈਂਡ ਵਸਦੀ ਹੈ ਤੇ ਦੋਹਤਾ ਡਾਕਟਰ ਹੈ। ਬੇਟਾ ਕੈਲਗਰੀ ਹੈ ਅਤੇ ਮੈਡਮ ਉਥੇ ਪੋਤਿਆਂ ਨਾਲ ਖੇਡਦੇ ਨੇ। ਉਥੇ ਵੀ ਉਨ੍ਹਾਂ ਨੇ ਰੁਝੇਵਾਂ ਲੱਭ ਲਿਆ ਪਰ ਉਹ ਉਥੇ ਕੰਮ ਨਹੀਂ ਕਰਦੇ। ਉਨ੍ਹਾਂ ਨੂੰ ਕੈਨੇਡਾ ਸਰਕਾਰ ਦੀ ਸਕਿਉਰਟੀ ਵਾਲੀ ਪੈਨਸ਼ਨ ਵੀ ਨਹੀਂ ਮਿਲਦੀ ਕਿਉਂਕਿ ਉਨ੍ਹਾਂ ਨੂੰ ਦੇਸ ਵਿਚਲੀ ਪ੍ਰੋਫੈਸਰ ਦੀ ਪੈਨਸ਼ਨ ਮਿਲਦੀ ਹੈ ਪਰ ਉਹ ਓਥੇ ਸੋਸ਼ਲ ਵਰਕ ਕਰਦੇ ਹਨ। ਏਥੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਤੇ ਘੁੰਮਾਉਂਦੇ ਪਰ ਓਥੇ ਪੋਤਿਆਂ ਨੂੰ ਖਿਡਾਉਂਦੇ ਅਤੇ ਔਰਤਾਂ ਨੂੰ ਘੁੰਮਾਉਂਦੇ ਹਨ। ਉਹ ਔਰਤਾਂ ਜਿਨ੍ਹਾਂ ਕੈਨੇਡੇ ਜਾ ਕੇ ਘਰ ਤੋਂ ਕੰਮ ਤੇ ਕੰਮ ਤੋਂ ਘਰ ਦਾ ਸਫਰ ਕੀਤਾ ਹੈ ਪਰ ਹੋਰ ਕੁਝ ਨਹੀਂ ਕੀਤਾ। ਪੰਜਾਬੋਂ ਵਿਦੇਸ਼ ਗਈਆਂ, ਏਥੇ ਕਦੇ ਪੇਕਿਓਂ ਪਰੇ ਨਹੀਂ ਗਈਆਂ ਸੀ ਤੇ ਓਥੇ ਗੁਰਦੁਆਰੇ ਤੋਂ ਪਰੇ ਨਹੀਂ ਗਈਆਂ ਸੀ, ਉਨ੍ਹਾਂ ਨੂੰ ਬੀਚਾਂ, ਪਹਾੜਾਂ ਤੇ ਮਾਲਾਂ ਦੇ ਦਰਸ਼ਨ ਮੈਡਮ ਬਰਾੜ ਨੇ ਕਰਾਏ ਹਨ। ਮੈਨੂੰ ਪੂਰਨ ਯਕੀਨ ਹੈ ਕਿ ਉਹ ਖੁਦ ਨਜ਼ਾਰੇ ਨਹੀਂ ਦੇਖਦੇ ਹੋਣਗੇ, ਨਜ਼ਾਰੇ ਦੇਖਦੀਆਂ ਔਰਤਾਂ ਦੇ ਚਿਹਰੇ ਦੇਖਦੇ ਹੋਣਗੇ ਜਿਵੇਂ ਏਥੇ ਵਿਦਿਆਰਥੀਆਂ ਦੇ ਚਿਹਰੇ ਵੇਖਦੇ ਸੀ।
ਉਹ ਚੇਤਨ ਤੌਰ ਤੇ ਨਾ ਫਿਰਕੂ ਹੈ, ਨਾ ਜਾਤਪਾਤ ਵਿਚ ਵਿਸ਼ਵਾਸ ਰਖਦੀ ਹੈ। ਅਜਿਹਾ ਨਾ ਉਸ ਦੇ ਕਿਸੇ ਸਿਧਾਂਤ ਵਿਚ ਹੈ ਨਾ ਵਿਸ਼ਵਾਸ ਵਿਚ ਪਰ ਉਸ ਦਾ ਪਾਲਣ ਪੋਸ਼ਣ ਸਰਦਾਰਾਂ ਦੇ ਘਰ ਦਾ ਹੈ ਜਿੱਥੇ ਜੱਟ ਸਿੱਖ ਖ਼ਾਸ ਕਰਕੇ ਸਰਦਾਰਾਂ ਦੀ ਹੈਂਕੜ ਵਾਧੂ ਸੀ। ਇਸ ਦਾ ਝਲਕਾਰਾ ਉਸ ਦੇ ਵਿਵਹਾਰ ਵਿਚ ਅਚਾਨਕ ਹੀ ਮਿਲ ਜਾਂਦਾ ਹੈ। ਉਹ ਜੱਟਾਂ ਦੇ ਮੁੰਡੇ ਕੁੜੀਆਂ ਨਾਲ ਵਿਸ਼ੇਸ਼ ਮੋਹ ਕਰਦੇ ਹਨ ਅਤੇ ਮੁੰਡਿਆਂ ਨਾਲ ਕੁਝ ਵਧੇਰੇ ਕਰਦੇ ਹਨ। ਤੂੜੀ ਦੀ ਪੰਡ ਦੇ ਬਹਾਦਰ ਸਿੰਘ ਵਾਂਗ ਜੱਟਾਂ ਦੀਆਂ ਕੁੜੀਆਂ ਨੂੰ ਬਚਾਉਂਦੇ ਰਹਿੰਦੇ ਹਨ ਕਿ ਕਿਤੇ ਗੈਰ ਜੱਟ ਦੇ ਪਿਆਰ ਵਿਚ ਪੈ ਕੇ ਵਿਆਹ ਨਾ ਕਰਵਾ ਲੈਣ। ਉਨ੍ਹਾਂ ਦਾ ਤਰਕ ਹੁੰਦਾ ਹੈ, ‘ਲੈ ਫੇਰ ਜੱਟਾਂ ਦੇ ਮੁੰਡੇ ਵਿਆਹ ਕਿੱਥੇ ਕਰਾਉਣਗੇ?’ ਇੰਜ ਹੀ ਇਕ ਸਮਾਣੇ ਵੱਲ ਦੀ ਹੁੰਦੜਹੇਲ ਜੱਟਾਂ ਦੀ ਜਾਪਦੀ ਕੁੜੀ ਨੂੰ ਦਲਿਤ ਮੁੰਡੇ ਨਾਲ ਬੈਠੀ ਦੇਖ ਲਿਆ। ਉਨ੍ਹਾਂ ਨੇ ਕੁੜੀ ਕਮਰੇ ਵਿਚ ਸੱਦ ਲਈ ਕਿ ਸਿਆਣੀ ਬਿਆਣੀ ਸੋਹਣੀ ਸੁਨੱਖੀ ਕੁੜੀ ਐ ਇਹਨੂੰ ਦੁਨੀਆਂਦਾਰੀ ਦਾ ਪਤਾ ਨਹੀਂ। ਕਹਿੰਦੇ। ‘ਤੂੰ ਜਿਸ ਮੁੰਡੇ ਨਾਲ ਬੈਠਦੀ ਐਂ, ਮੈਂ ਉਸਦਾ ਫਾਰਮ ਦੇਖਿਐ ਉਹ ਤਾਂ ਐਸ.ਸੀ. ਐ।’ ਕੁੜੀ ਕਹਿੰਦੀ ‘ਮੈਡਮ ਮੈਂ ਤਾਂ ਆਪ ਐਸ. ਸੀ. ਹਾਂ।’ ਮੈਡਮ ਛਿੱਥੇ ਜਿਹੇ ਪੈ ਕੇ ਕਹਿੰਦੇ, ‘ਚੱਲ ਫੇਰ ਕੋਈ ਗੱਲ ਨਹੀਂ।’ ਕੁੜੀ ਗੁੱਸਾ ਅੰਦਰੇ ਦਬਾ ਕੇ ਚਲੀ ਗਈ।
ਇਹ ਵੀ ਨਹੀਂ ਕਿ ਉਹ ਕੇਵਲ ਜੱਟਾਂ ਦਾ ਹੀ ਕਰਦੇ ਨੇ, ਦਲਿਤ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਕਰਾਉਂਦੇ, ਕੋਲੋਂ ਪੈਸੇ ਵੀ ਦੇ ਦਿੰਦੇ, ਗਰੀਬ ਕੁੜੀਆਂ ਦਾ ਵਿਆਹ ਵੀ ਕਰ ਦਿੰਦੇ ਪਰ ਅਚਾਨਕ ਭੜਕ ਉੱਠਦੇ। ਇਕ ਵਾਰ ਇਕ ਦਲਿਤ ਮੁੰਡਾ ਮੈਡਮ ਦੇ ਨੇੜੇ ਹੋ ਗਿਆ। ਹਰ ਵੇਲੇ ਮੈਡਮ ਦੇ ਅੱਗੇ ਪਿੱਛੇ ਫਿਰਿਆ ਕਰੇ। ਇਕ ਦਿਨ ਉਸਨੇ ਮੈਡਮ ਦੇ ਘਰ ਖਾਣਾ ਖਾ ਕੇ ਜੂਠੇ ਭਾਂਡੇ ਮੈਡਮ ਵੱਲ ਸਰਕਾ ਦਿੱਤੇ। ਮੈਡਮ ਭੜਕ ਪਏ। ‘ਮੈਂ ਸਰਦਾਰਾਂ ਦੀ ਧੀ, ਜਿਸ ਨੇ ਕਦੇ ਆਪਣੇ ਭਾਂਡੇ ਨਹੀਂ ਮਾਂਜੇ, ਹੁਣ ਤੇਰੇ ਭਾਂਡੇ ਮੈਂ ਚੁੱਕਾਂ? ਚੱਲ ਉੱਠ ਚੱਕ ਭਾਂਡੇ ਤੇ ਮਾਂਜ, ਨਹੀਂ ਮੇਰੇ ਤੋਂ ਬੁਰਾ ਨਹੀਂ ਕੋਈ।’ ਮੁੰਡਾ ਪੱਤੇ ਤੋੜ ਹੋ ਗਿਆ।
ਮੈਡਮ ਨੇ ਖੁਦ ਲੋਕਧਾਰਾ ਤੇ ਕੰਮ ਹੀ ਨਹੀਂ ਕੀਤਾ ਸਗੋਂ ਖੁਦ ਵੀ ਚਲਦੀ ਫਿਰਦੀ ਲੋਕਧਾਰਾ ਹੀ ਨੇ। ਉਨ੍ਹਾਂ ਨੂੰ ਲੋਕਭਾਸ਼ਾ ਤੇ ਵਸੀਕਾਰ ਹੈ ਅਤੇ ਲੋਕ ਵਿਸ਼ਵਾਸ਼ ਉਨ੍ਹਾਂ ਦੇ ਅੰਦਰ ਘਰ ਕਰੀ ਬੈਠੇ ਨੇ। ਸਿੱਧੀ ਸਾਧੀ ਪੰਜਾਬੀ, ਸਾਦੇ ਕੱਪੜੇ, ਮੇਕਅੱਪ ਤੋਂ ਬਗੈਰ ਦੇਸੀ ਦਿੱਖ, ਵੇਖਣ ਨੂੰ ਪੜ੍ਹੇਲਿਖੇ ਨਹੀਂ ਲਗਦੇ। ਇਸ ਗੱਲ ਦਾ ਵੀ ਉਹ ਖੂਬ ਅਨੰਦ ਲੈਂਦੇ ਨੇ। ਇਕ ਵਾਰ ਉਹ ਜਹਾਜ ਵਿਚ ਚੜ੍ਹੇ ਤਾਂ ਆਪਣੇ ਵਰਗੀਆਂ ਨਾਲ ਦੇਸੀ ਭਾਸ਼ਾ ਵਿਚ ਜੜਾਂਗੇ ਮਾਰਨ ਲੱਗੇ। ਜਹਾਜੋਂ ਉਤਰਦਿਆਂ ਹੀ ਕਿਸੇ ਨੇ ਅੰਗਰੇਜ਼ੀ ਵਿਚ ਕੁਝ ਪੁੱਛਿਆ ਤਾਂ ਉਨ੍ਹਾਂ ਨੇ ਉੱਤਰ ਅੰਗਰੇਜ਼ੀ ਵਿਚ ਦਿੱਤਾ। ਉਸ ਦੀ ਅੰਗਰੇਜ਼ੀ ਸੁਣ ਕੇ ਪੇਂਡੂ ਬੁੜੀ ਕਹਿਣ ਲੱਗੀ ਕਿਸੇ ਕਿਸੇ ਨੂੰ ਤਾਂ ਭਾਈ ਕਨੇਡਾ ਵਰ ਦੇ ਜਾਂਦੀ ਹੈ। ਲੈ ਇਹ ਤਾਂ ਆਉਂਦੀ ਹੀ ਅੰਗਰੇਜ਼ੀ ਬੋਲਣ ਲੱਗ ਗਈ।
ਇੰਜ ਹੀ ਇਕ ਵਾਰ ਉਹ ਕੈਨੇਡੀਅਨ ਗੁਰਦੁਆਰੇ ਵਿਚ ਅਨਜਾਣ ਪੇਂਡੂ ਔਰਤਾਂ ਦੀਆਂ ਦੇਸੀ ਗੱਲਾਂ ਵਿਚ ਦਿਲਚਸਪੀ ਲੈਣ ਲੱਗੇ। ਸ਼ਾਇਦ ਉਹ ਕਿਸੇ ਕਹਾਣੀ ਦੀ ਤਲਾਸ਼ ਵਿਚ ਸਨ। ਇਕ ਨੇ ਦੇਸੀ ਦਿੱਖ ਦੇਖਕੇ ਵਿਚਾਰੀ ਜਾਣ ਕੇ ਤਰਸ ਕੀਤਾ ਕਿ ਭੈਣੇ ਨੂੰਹ ਕੋਲ ਆਈ ਐਂ ਕਿ ਧੀ ਕੋਲ। ਜੇ ਨੂੰਹ ਕੋਲ ਆਈ ਐਂ ਤਾਂ ਰੋਟੀ ਨੀ ਦਿੰਦੀ ਹੋਣੀ। ਸਾਡੇ ਨਾਲ ਕੰਮ ਤੇ ਚੱਲਿਆ ਕਰ, ਕੱਲ੍ਹ ਨੂੰ ਤੇਰੇ ਲਈ ਪੁੱਛ ਆਵਾਂਗੀਆਂ। ਫੇਰ ਤੇਰੀ ਵੀ ਘਰੇ ਪੁੱਛ ਹੋਜੂ। ਅਗਲੇ ਦਿਨ ਉਹ ਸੱਚੀਂ ਪੁੱਛ ਆਈਆਂ। ਜਦੋਂ ਮੈਡਮ ਨੂੰ ਕਹਿਣ ਲੱਗੀਆਂ ਕਿ ਕੱਲ੍ਹ ਨੂੰ ਸਾਡੇ ਨਾਲ ਕੰਮ ਤੇ ਚੱਲੀਂ ਤਾਂ ਮੈਡਮ ਨੇ ਜਵਾਬ ਦੇ ਦਿੱਤਾ ਕਿ ਮੇਰੀ ਨੂੰਹ ਨੀ ਮੰਨਦੀ। ਉਹ ਹੈਰਾਨ ਪਰੇਸ਼ਾਨ ਹੋਈਆਂ। ਇਕ ਖੋਚਰੀ ਨੇ ਤਹਿਕੀਕਾਤ ਕਰਕੇ ਸਭ ਪਤਾ ਕਰ ਲਿਆ। ਸਭ ਨੂੰ ਦੱਸਣ ਲੱਗੀ ਭਾਈ ਇਹ ਤਾਂ ਮੀਸਣੀ ਐਂ ਆਪਾਂ ਨੂੰ ਚਾਰਦੀ ਸੀ। ਸੁਣਿਐਂ ਦੇਸ ਤਾਂ ਪ੍ਰੋਫੈਸਰ ਲੱਗੀ ਵੀ ਸੀ। ਏਹਨੂੰ ਕੰਮ ਕਰਨ ਦੀ ਕੀ ਲੋੜ ਐ? ਪਿਲਸਣ ਮਿਲਦੀ ਐ। ਜਾਇ ਵੱਢੀਓ ਆਪਾਂ ਤਾਂ ਏਹਨੂੰ ਆਪਣੇ ਵਰਗੀ ਸਮਝਦੀਆਂ ਰਹੀਆਂ, ਏਹ ਤਾਂ ਪੂਰੀ ਮੇਮ ਨਿਕਲੀ।
ਅੱਜ ਉਹ ਦੀਨ ਦੁਨੀਆਂ ਘੁੰਮੀ ਸਭ ਕੁਝ ਜਾਣਦੀ, ਸਵੈ ਵਿਸ਼ਵਾਸ ਨਾਲ ਭਰੀ ਹੋਈ ਦਿਖਾਈ ਦਿੰਦੀ ਹੈ, ਇਹ ਸਵੈ ਵਿਸ਼ਵਾਸ ਦਾ ਕਾਰਨ ਸਰਦਾਰਾਂ ਦੀ ਧੀ ਹੋਣਾ ਹੈ ਪਰ ਇਸਦੇ ਨਾਲ ਬਚਪਨ ਤੋਂ ਪਿੱਛਾ ਕਰਦੀਆਂ ਮਨਾਹੀਆਂ ਅਤੇ ਡਰ ਵੀ ਹਨ, ਇਸ ਬਾਰੇ ਉਹ ਆਪ ਹੀ ਲਿਖਦੇ ਹਨ। ‘ਹੋਰ ਸਰਦਾਰਾਂ ਦੀਆਂ ਧੀਆਂ ਵਾਂਗ ਇਹ ਤਹਿ ਸੀ ਕਿ ਸਰਦਾਰਾਂ ਦੀਆਂ ਧੀਆਂ ਕਿਸੇ ਖ਼ਾਸ ਕੰਮ ਬਿਨਾ ਦੇਹਲੀਓਂ ਬਾਹਰ ਪੈਰ ਨਹੀਂ ਧਰਦੀਆਂ, ਵਿਸ਼ੇਸ਼ ਕਰ ਸੂਰਜ ਛਿਪਣ ਪਿੱਛੋਂ ਘਰੋਂ ਬਾਹਰ ਰਹਿਣ ਤੇ ਸਖਤ ਮਨਾਹੀ ਹੋਣ ਕਾਰਨ ਮੈਂ ਅੱਜ ਤਕ ਵੀ ਰਾਤ ਨੂੰ ਕਿਸੇ ਫੰਕਸ਼ਨ ਤੇ ਜਾ ਕੇ ਹਨੇਰੇ ਤੋਂ ਡਰਨ ਲਗਦੀ ਹਾਂ। ਜਿਉਂ ਤਿਉਂ ਰਾਤ ਉਤਰਦੀ ਹੈ, ਇਕ ਅਜੀਬ ਖੌਫ ਅੰਦਰ ਪਸਰਨ ਲਗਦਾ ਹੈ। ਘਰ ਦੀ ਚਾਰਦੀਵਾਰੀ ਵੱਲ ਵਾਪਸੀ ਦੀ ਕਾਹਲ ਮੇਰੇ ਅੰਦਰ ਸਰਕਣ ਲਗਦੀ ਹੈ। ਅੱਜ ਇਹ ਆਲਮ ਹੈ ਕਿ ਦੁਨੀਆਂ ਦੇ ਕਿੰਨੇ ਹੀ ਮੁਲਕਾਂ ਵਿਚ ਰਾਤ ਬਰਾਤੇ ਇਕੱਲਲਿਆਂ ਸਫਰ ਕਰਦਿਆਂ ਦੇਹਲੀਓਂ ਪੈਰ ਨਾ ਰੱਖਣ ਵਾਲੀ ਚੇਤਾਵਨੀ ਅੰਦਰ ਖਾਤੇ ਇਕ ਖੌਫ਼ ਭਰਦੀ ਰਹਿੰਦੀ ਹੈ। ਕਈ ਵਾਰ ਸੋਚਦੀ ਹਾਂ ਅਨੇਕਾਂ ਮੁਲਕ ਗਾਹ ਕੇ ਵੀ ਜੇ ਮੋਰਾਂਵਾਲੀ ਦੀਆਂ ਬੀਹੀਆਂ ਵਿਚੋਂ ਵੀ ਕਦੇ ਪੈਦਲ ਤੁਰਨਾ ਪਵੇ ਤਾਂ ਮੈਂ ਸ਼ਾਇਦ ਸੁਭਾਵਕ ਨਾ ਤੁਰ ਸਕਾਂ।’
ਉਹ ਪੂਰੇ ਮੋਹਵੰਤੇ ਹਨ, ਉਨ੍ਹਾਂ ਦਾ ਆਪਣਾ ਇਕ ਮੰਡਲ ਹੈ ਜਿਸ ਵਿਚ ਉਹ ਖੁਸ਼ ਰਹਿੰਦੇ ਹਨ। ਉਨ੍ਹਾਂ ਨੂੰ ਸੂਹਾਂ ਲੈਣ ਦੀ ਆਦਤ ਹੈ। ਆਲੇ ਦੁਆਲੇ ਕੀ ਹੋ ਰਿਹਾ ਹੈ? ਉਨ੍ਹਾਂ ਨੂੰ ਫਿਕਰ ਰਹਿੰਦਾ ਹੈ। ਉਨ੍ਹਾਂ ਦੀ ਅਬਜ਼ਰਵੇਸ਼ਨ ਬੜੀ ਕਮਾਲ ਹੁੰਦੀ ਸੀ। ਦਾਖਲੇ ਵਾਲੇ ਦਿਨ ਉਹ ਦਾਖਲਾ ਕਮੇਟੀ ਵਿਚ ਬੈਠੇ ਟੇਵੇ ਲਾਉਂਦੇ। ‘ਇਹ ਕੁੜੀ ਸੱਤਵੇਂ ਦਿਨ ਸਿਰੋਂ ਚੁੰਨੀ ਲਾਹ ਦੇਵੇਗੀ। ਔਹ ਕੁੜੀ ਮਹੀਨੇ ਬਾਅਦ ਜੀਨ ਪਾਊਗੀ, ਪਛਾਣੀ ਨਹੀਂ ਜਾਣੀ, ਆਹ ਝੱਥਰੇ ਸਿਰੀ ਵਾਲ ਸਟਰੇਟ ਕਰਾਊਗੀ। ਦੇਖਲੀਂ ਆਹ ਗਿਆਨੀ ਜਿਹਾ ਸਭ ਤੋਂ ਪਹਿਲਾਂ ਵਾਲ਼ ਕਟਾਊਗਾ, ਆਹ ਜਿਹੋ ਜਿਹੀ ਆਈ, ਓੁਹੋ ਜਿਹੀ ਜਾਊਗੀ, ਔਹ ਤਾਂ ਲਾਲ ਚੂੜਾ ਪਾ ਕੇ ਹੀ ਯੂਨੀਵਰਸਿਟੀ ਤੋਂ ਜਾਊਗੀ।’ ਆਖਰ ਓੁਵੇਂ ਹੁੰਦਾ। ਉਨ੍ਹਾਂ ਨੂੰ ਬੰਦੇ ਕੁਬੰਦੇ ਦੀ ਪਛਾਣ ਸੀ, ਉਹ ਵਿਚ ਵਿਚਾਲੇ ਦਾ ਰਿਸ਼ਤਾ ਘੱਟ ਹੀ ਰੱਖਦੇ। ਜਾਂ ਤਾਂ ਉਨ੍ਹਾਂ ਦੀ ਨਜ਼ਰ ਵਿਚ ਬੰਦਾ ਲੱਠਾ ਹੁੰਦਾ ਜਾਂ ਜਮਾਂ ਨਿਕੰਮਾ ਜਿਸ ਲਈ ਦਫਾ ਕਰੋ ਵਰਗੇ ਸ਼ਬਦ ਵਰਤ ਕੇ ਉਨ੍ਹਾਂ ਨੂੰ ਸੁਆਦ ਆ ਜਾਂਦਾ।
ਉਨ੍ਹਾਂ ਨੂੰ ਛੋਟੀ ਉਮਰ ਵਿਚ ਹੀ ਨੋਕਰੀ ਮਿਲ ਗਈ, ਸਾਰਾ ਕੁਝ ਛੇਤੀ ਛੇਤੀ, ਕਾਹਲੀ ਕਾਹਲੀ, ਐਨ ਸੁਭਾਅ ਵਾਂਗ। 17ਜਨਵਰੀ 1948 ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਪੈਦਾ ਹੋਏ, ਓਲਡ ਪੁਲਿਸ ਲਾਈਨ ਪਟਿਆਲੇ ਪੜ੍ਹੇ। ਪਿਤਾ ਪ੍ਰਿਸੀਪਲ ਕਰਤਾਰ ਸਿੰਘ ਸ਼ੇਰਗਿਲ ਦੇ ਨਾਲ ਹੀ ਕੁਝ ਦੇਰ ਉੜਮੁੜ ਟਾਂਡਾ ਦੇ ਕਾਲਜ ਵਿਚ ਪੜ੍ਹੇ, ਫੇਰ ਮਹਿੰਦਰਾ ਕਾਲਜ ਤੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ 1970 ਵਿਚ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਉਸੇ ਸਮੇਂ ਖ਼ਾਲਸਾ ਕਾਲਜ, ਪਟਿਆਲਾ ਵਿਖੇ ਨੋਕਰੀ ਲੱਗ ਗਈ। 12 ਜੂਨ 1970 ਨੂੰ ਥਾਂਦੇਵਾਲ ਦੇ ਹਰਬੰਸ ਸਿੰਘ ਬਰਾੜ ਜੋ ਉਸ ਸਮੇਂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲੈਕਚਰਾਰ ਸਨ, ਨਾਲ ਵਿਆਹ ਹੋ ਗਿਆ। 1980 ਵਿਚ ਡਾ. ਹਰਬੰਸ ਸਿੰਘ ਅਕਾਲ ਚਲਾਣਾ ਕਰ ਗਏ। ਜ਼ਿੰਦਗੀ ਦੇ ਉਸ ਹਾਦਸੇ ਪਿੱਛੋਂ ਗਹਿਣੇ ਅਤੇ ਮੇਕਅੱਪ ਕਰਨਾ ਛੱਡ ਦਿੱਤਾ। ਅਸੀਂ ਉਨ੍ਹਾਂ ਨੂੰ ਸਧਾਰਨ ਸਲਵਾਰ ਕਮੀਜ ਤੇ ਦੁਪੱਟੇ ਵਿਚ ਹੀ ਵੇਖਿਆ ਹੈ ਪਰ ਅੰਦਰੋਂ ਦਿਲ ਦੁਖੀ ਹੋਣ ਦੇ ਬਾਵਜੂਦ ਹਰ ਸਮੇਂ ਹਸਦੇ ਰਹਿੰਦੇ ਤੇ ਅੱਖਾਂ ਵਿਚ ਸ਼ਰਾਰਤ ਨੱਚਦੀ ਰਹਿੰਦੀ। ਬਹੁਤ ਹੀ ਅਣਜਕੇ, ਹਰ ਸਮੇਂ ਅਚਵੀ ਲੱਗੀ ਰਹਿੰਦੀ। ਲੰਮਾ ਸਮਾਂ ਬੈਠਣਾ ਔਖਾ ਲਗਦਾ। ਹਰ ਥਾਂ ਪਹਿਲਾਂ ਹੀ ਪਹੁੰਚ ਜਾਂਦੇ। ਇਹ ਕੋਈ ਟਾਈਮ ਦੀ ਪਾਬੰਦੀ ਨਹੀਂ ਸਗੋਂ ਆਪਣੀ ਅੰਦਰਲੀ ਲੂਹਣ ਕਰਕੇ ਜਾ ਪਹੁੰਚਦੇ। ਇਸੇ ਤਰ੍ਹਾਂ ਵਾਪਿਸ ਭੱਜਣ ਲਈ ਵੀ ਕਾਹਲੇ ਹੁੰਦੇ। ਲੰਮਾ ਸਮਾਂ ਉਹ ਇੰਡੀਆ ਤੋਂ ਕੈਨੇਡਾ ਤੇ ਕੈਨੇਡਾ ਤੋਂ ਇੰਡੀਆ ਭੱਜਦੇ ਰਹੇ। ਹੁਣ ਕੁਝ ਟਿਕਾਅ ਹੈ। ਪਰ ਅਜੇ ਕੀ ਜਦੋਂ ਕਦੇ ਡੌਂਅ ਉੱਠਦਾ ਹੈ ਤਾਂ ਅਚਾਨਕ ਇੰਡੀਆ ਭੱਜ ਆਉਂਦੇ ਨੇ। ਮਾਰਚ 2023 ਵਿਚ ਵੀ ਅਚਾਨਕ ਆਏ ਤੇ ਆ ਕੇ ਫੋਨ ਕੀਤਾ। ਇਹ ਉਨ੍ਹਾਂ ਦਾ ਸਟਾਈਲ ਹੈ। ਉਨ੍ਹਾਂ ਨੂੰ ਰਿਟਾਇਰ ਹੋਇਆਂ 15 ਸਾਲ ਹੋ ਗਏ ਹਨ ਪਰ ਉਹ ਅਜੇ ਵੀ ਵਿਭਾਗ ਵਿਚ ਹੱਕ ਨਾਲ ਆਉਂਦੇ ਜਾਂਦੇ ਹਨ। ਸਭ ਤੇ ਮੇਰ ਰੱਖਦੇ ਹਨ। ਛੋਟਿਆਂ ਨੂੰ ਝਿੜਕਦੇ ਨੇ। ਅਸਲ ਵਿਚ ਮੈਡਮ ਨੇ ਸਭ ਕੁਝ ਕਾਹਲੀ ਕਾਹਲੀ ਕੀਤਾ। 21–22 ਸਾਲਾਂ ਵਿਚ ਨੋਕਰੀ ਲੱਗੀ, ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ ਤੇ 30–31 ਸਾਲ ਤਕ ਜੀਵਨ ਸਾਥੀ ਵੀ ਵਿਛੜ ਗਿਆ। ਫੇਰ 1978 ਵਿਚ ਐਮ.ਫਿਲ ਕੀਤੀ। ਐਮ.ਫਿਲ ਦਾ ਪਹਿਲਾ ਬੈਚ ਸੀ, ਕਲਾਸ ਫੈਲੋ ਸਨ ਓਮ ਪ੍ਰਕਾਸ਼ ਗਾਸੋ, ਜਸਵੰਤ ਦੀਦ, ਸੁਰਜੀਤ ਭੱਟੀ, ਰਣਜੀਤ ਮਾਧੋਪੁਰੀ, ਮੱਖਣ ਸਿੰਘ, ਮਨਜੀਤ ਇੰਦਰਾ, ਸੰਦੀਪ ਚੌਹਾਨ, ਧਨਵੰਤ ਕੌਰ। ਤਿੰਨ ਨਾਵਲ ਲਿਖੇ ਸੱਭੇ ਸਾਕ ਕੁੜਾਵੇ, ਚਿੱਤ ਨਾ ਚੇਤੇ, ਅੰਗੂਠੇ ਦਾ ਨਿਸ਼ਾਨ, ਨੌ ਕਹਾਣੀ ਸੰਗ੍ਰਹਿ ਲਿਖੇ, ਸਵੈ ਜੀਵਨੀ ਲਿਖੀ, ਵਾਰਤਕ ਟੁਕੜੀਆਂ ਲਿਖੀਆਂ। ਹੁਣ ਵੀ ਉਹ ਵੇਲਾ ਯਾਦ ਕਰ ਲਿਖਦੇ ਰਹਿੰਦੇ ਨੇ। ਉਹ ਬਹੁਵਿਧਾਵੀ ਲੇਖਕ ਹੈ ਜਿਸ ਨੇ ਵਾਰਤਕ, ਨਾਵਲ, ਕਹਾਣੀਆਂ, ਆਲੋਚਨਾ ਤੋਂ ਇਲਾਵਾ ਕਦੇ ਕਦੇ ਕਵਿਤਾ ਵੀ ਲਿਖੀ ਹੈ ਪਰ ਗਲਪ ਤੇ ਵਾਰਤਕ ਉਸ ਦਾ ਮਨਪਸੰਦ ਖੇਤਰ ਹੈ। ਡਾ.ਬਰਾੜ ਭਾਵੇਂ ਖੁਦ ਨਾਰੀ ਲੇਖਕਾ ਹੈ ਅਤੇ ਉਸ ਨੇ ਨਾਰੀਵਾਦ ਤੇ ਪੁਸਤਕ ਵੀ ਲਿਖੀ ਪਰ ਉਹ ਨਾਰੀਪੱਖ ਵੱਲ ਕੋਈ ਉਲਾਰ ਨਹੀਂ ਸਗੋਂ ਇਸਤਰੀ ਮਰਦ ਦੇ ਰਿਸ਼ਤੇ ਨੂੰ ਸਹਿਜ ਸਾਵਾਂ ਤੇ ਸੰਤੁਲਨ ਕਰਨ ਵੱਲ ਅਗਰਸਰ ਹੈ। ਭਾਵੇਂ ਚਾਹੇ–ਅਣਚਾਹੇ ਉਸ ਦਾ ਪਾਸਕੂ ਮੁੰਡਿਆਂ ਵੱਲ ਗਿਰ ਜਾਂਦਾ ਹੈ। ਉਹ ਕਹਾਣੀ ਵਿਚ ਅੰਮ੍ਰਿਤਾ ਪ੍ਰੀਤਮ ਜਾਂ ਅਜੀਤ ਕੌਰ ਵਾਂਗ ਇਸਤਰੀ ਮਰਦ ਸਬੰਧਾਂ ਦੀ ਦਬੰਗ ਪੇਸ਼ਕਾਰੀ ਕਰਨ ਦੀ ਥਾਵੇਂ ਦਲੀਪ ਕੌਰ ਟਿਵਾਣਾ ਤੇ ਸੁਖਵੰਤ ਕੌਰ ਮਾਨ ਵਾਂਗ ਸਭਿਆਚਾਰਕ ਰਾਮਕਾਰ ਦੇ ਅੰਦਰ ਅੰਦਰ ਰਹਿ ਕੇ ਸੁਪਨਿਆਂ ਦੀ ਉਡਾਣ, ਉਮੰਗ ਤੇ ਤਿੜਕਣ ਦੇ ਦਰਦ ਨੂੰ ਪੇਸ਼ ਕਰਦੀ ਹੈ। ਉਸ ਦੀਆਂ ਕਹਾਣੀਆਂ ਵਿਚ ਕਾਮ ਵਿਵਹਾਰ ਨੂੰ ਚਟਕਾਰੇ ਲੈ ਕੇ ਬਿਆਨਣ ਦੀ ਥਾਂ ਪੰਜਾਬੀ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਅਨੁਸਾਰ ਇਸਤਰੀ ਮਰਦ ਦੇ ਕਾਮ ਸਬੰਧਾਂ ਦੀ ਥਾਂ ਪਵਿੱਤਰ ਪੁਨੀਤ ਸਬੰਧਾਂ ਦੀ ਗੱਲ ਹੁੰਦੀ ਹੈ। ਪਹਿਲੀ ਪੀੜ੍ਹੀ ਵਿਚ ਇਹ ਰਿਸ਼ਤੇ ਹੱਦੋਂ ਵੱਧ ਆਦਰਸ਼ਾਂ ਨਾਲ ਭਰੇ ਹੁੰਦੇ ਸਨ ਤਾਂ ਸਮਕਾਲੀ ਕਹਾਣੀਕਾਰਾਂ ਵਿਚ ਕਾਮ ਸਬੰਧ ਹੀ ਪ੍ਰਮੁੱਖਤਾ ਲੈ ਜਾਂਦੇ ਹਨ। ਅਜਿਹੇ ਸਮੇਂ ਬਲਵਿੰਦਰ ਕੌਰ ਬਰਾੜ ਨਵੀਂ ਪੀੜ੍ਹੀ ਵਿਚ ਵੀ ਪਵਿੱਤਰ ਰਿਸ਼ਤਿਆਂ ਦੀ ਮੌਜੂਦਗੀ ਦਿਖਾਉਂਦੀ ਹੈ। ਉਸ ਦੀਆਂ ਨਾਇਕਾਵਾਂ ਆਪਣੇ ਪੁਨੀਤ ਪਿਆਰ ਲਈ, ਇਕ ਪਾਸੇ ਤਾਂ ਜਾਨ ਦੇਣ ਦਾ ਜੋਖ਼ਮ ਉਠਾ ਸਕਦੀਆਂ ਹਨ ਪਰ ਓਨੀ ਹੀ ਸ਼ਿੱਦਤ ਨਾਲ ਮਾਪਿਆਂ ਦੀ ਪੱਗ ਦਾ ਖਿਆਲ ਰੱਖਦਿਆਂ ਆਪਣੇ ਅਰਮਾਨਾਂ ਨੂੰ ਦਬਾਅ ਲੈਂਦੀਆਂ ਹਨ। ਉਸ ਦੀ ਗਲਪ ਦੇ ਨਾਇਕ ਸੱਤਾ ਨੂੰ ਟਿੱਚ ਜਾਣਦੇ, ਮੌਤ ਨੂੰ ਮਖੌਲਾਂ ਕਰਦੇ ਹਨ ਪਰ ਰਿਸ਼ਤਿਆਂ ਦੀ ਪਾਕੀਜ਼ਗ਼ੀ ਨੂੰ ਜ਼ਿੰਦਗੀ ਦੀ ਅਮਾਨਤ ਸਮਝਦਿਆਂ ਮੋਹ ਦੀਆਂ ਤੰਦਾਂ ਅੱਗੇ ਸਭ ਕੁਝ ਢੇਰੀ ਕਰ ਦਿੰਦੇ ਹਨ। ਉਸ ਦਾ ਗਲਪ ਵਿਵੇਕ ਕਿਸੇ ਬਣੀ ਬਣਾਈ ਸਿੱਖ ਮੱਤ ਜਾਂ ਵਿਚਾਰਧਾਰਾ ਨਾਲ ਨਹੀਂ ਬੱਝਾ ਹੋਇਆ ਸਗੋਂ ਉਹ ਲੋਕਧਰਾਈ ਸਿਆਣਪ ਨੂੰ ਵਰਤਦਾ ਹੈ। ਉਸ ਦੇ ਗਲਪ ਵਿਚ ਨਾਰੀ ਮਨ ਦੇ ਸੁਪਨਿਆਂ ਦੇ ਦਰਸ਼ਨ ਵੀ ਹੁੰਦੇ ਹਨ ਤੇ ਹਕੀਕਤਾਂ ਦਾ ਕਰੂਰ ਚਿੱਤਰ ਵੀ ਪੇਸ਼ ਹੋਇਆ ਹੈ। ਉਸ ਦੀ ਵਿਲੱਖਣਤਾ ਇਹ ਕਿ ਨਾ ਉਹ ਨਾਰੀ ਦੁਖਾਂਤ ਦਾ ਰੋਣਾ ਧੋਣਾ ਪੇਸ਼ ਕਰਕੇ ਤਰਸ ਮੰਗਦੀ ਹੈ, ਨਾ ਮਾੜੇ ਵਿਵਹਾਰ ਨੂੰ ਜਾਇਜ਼ ਠਹਿਰਾਉਂਦੀ ਹੈ ਸਗੋਂ ਹੋਂਦ ਦੀ ਪ੍ਰਮਾਣਿਕਤਾ ਤੇ ਜ਼ੋਰ ਦਿੰਦੀ ਹੈ। ਉਸ ਦੀਆਂ ਕਹਾਣੀਆਂ ਵਿਚ ਇਕ ਪਾਸੇ ਜ਼ਮੀਨਾਂ ਜਾਇਦਾਦਾਂ ਵਾਲੇ ਸਾਧਨ ਸੰਪੰਨ ਸਰਦਾਰ ਹਨ, ਦੂਜੇ ਪਾਸੇ ਜਾਇਦਾਦੋਂ ਸੱਖਣੇ ਸਾਧਨਹੀਣ ਕੰਮੀ ਹਨ। ਘੱਟ ਜ਼ਮੀਨਾਂ ਵਾਲੇ ਹੱਥੀਂ ਕਿਰਤ ਕਰਨ ਵਾਲੇ ਜੱਟ ਕਿਸਾਨ ਵੀ ਨੇ। ਉਹ ਸਰਦਾਰਾਂ ਦੀ ਧੀ ਹੈ ਪਰ ਉਸ ਦੀ ਹਮਦਰਦੀ ਸਾਧਨਹੀਣ ਪਾਤਰਾਂ ਨਾਲ ਰਹਿੰਦੀ ਹੈ। ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਸਰਦਾਰਾਂ ਦੇ ਘਰ ਕੁੜੀਆਂ ਦੀ ਸਥਿਤੀ ਵੀ ਜਾਗ਼ੀਰੂ ਦਮਨ ਕਾਰਨ ਦਲਿਤਾਂ ਵਾਲੀ ਹੀ ਹੁੰਦੀ ਹੈ। ਇਸੇ ਕਾਰਨ ਸਰਦਾਰਾਂ ਦੇ ਘਰਾਂ ਦੀਆਂ ਔਰਤ ਪਾਤਰ ਆਪਣੇ ਆਪ ਨੂੰ ਕੰਮੀਆਂ ਨਾਲ ਇਕਰੂਪ ਕਰ ਲੈਂਦੀਆਂ ਹਨ। ਉਸ ਦੀਆਂ ਅਜਿਹੀਆਂ ਕਹਾਣੀਆਂ ਦੇ ਬੀਜ ਬਚਪਨ ਵਿਚ ਪਏ ਹਨ। ਉਹ ਸਵੈਜੀਵਨੀਮੂਲਕ ਰਚਨਾ ਮਨ ਦਾ ਕੋਨਾ ਵਿਚ ਲਿਖਦੇ ਹਨ, ‘ਸਰਦਾਰਾਂ ਦੀ ਧੀ ਹੋਣਾ, ਲੋਕਾਂ ਭਾਣੇ ਮਾਣ ਵਾਲੀ ਗੱਲ ਹੋਵੇਗੀ, ਜਿਥੇ ਹਰ ਮਨ ਅਨੇਕਾਂ ਨਿਆਮਤਾਂ ਵਿਚ ਨਾਜ਼ ਨਖਰੇ ਨਾਲ ਪਾਲੇ ਜਾਣ ਵਾਲੇ ਖ਼ੁਸ਼ਗਵਾਰ ਮਾਹੌਲ ਦੇ ਰੰਗੀਨ ਸੁਪਨੇ ਸਜਾਉਂਦਾ ਹੈ ਜਿਥੇ ਤੰਗੀਆਂ, ਤੁਰਸ਼ੀਆਂ ਨਾਲ ਖਹਿ ਰਹੀ ਰੁੱਝੀ ਹੋਈ ਜ਼ਿੰਦਗੀ ਦੇ ਅਰਥ ਹੀ ਪਤਾ ਨਹੀਂ ਲਗਦੇ। ਜਿਨ੍ਹਾਂ ਦਾ ਇਹ ਹਾਸਲ ਨਹੀਂ ਉਹ ਇਸ ਸਥਿਤੀ ਨੂੰ ਝੂਰਦੇ ਹੋਣਗੇ, ਜਿਥੇ ਕਿਤੇ ਵੀ ਥੁੜੇ ਹੋਣ ਦਾ ਝੋਰਾ ਕੋਲੋਂ ਨਹੀਂ ਲੰਘਦਾ। ਸਰਦਾਰਾਂ ਦੀਆਂ ਕੁਆਰੀਆਂ ਧੀਆਂ ਹੋਰਾਂ ਦੇ ਤਾਂ ਕੀ ਆਪਣੇ ਵੀ ਜੂਠੇ ਭਾਂਡਿਆਂ ਨੂੰ ਹੱਥ ਨਹੀਂ ਲਗਾਉਂਦੀਆਂ। ਸੋ ਲਾਗੀ ਦੱਥੇ ਆਲੇ ਦੁਆਲੇ ਬੀਬਾ ਜੀ, ਬੀਬਾ ਜੀ ਕਰਦੇ ਤੁਹਾਨੂੰ ਹੋਰਨਾਂ ਤੋਂ ਵੱਖਰਾ ਕਰ ਦਿੰਦੇ ਹਨ। ਇੱਥੋਂ ਤਕ ਕਿ ਨਹੁੰ ਲਾਹੁਣ ਲਈ ਵੀ ਸ਼ਨੀਵਾਰ ਨੂੰ ਹਰਨੇਕ ਨਾਈ ਆਪਣਾ ਨਹੇਰਨਾ ਲੈ ਕੇ ਆਉਂਦਾ ਸੀ, ਮੇਰੀ ਮੌਲਣ ਤੇ ਆਈ ਦੇਹੀ ਨੂੰ ਨਿੱਤ ਵਾਰ ਆਉਂਦਾ। ਹਰ ਵਾਰ ਜਦੋਂ ਛੁੱਟੀਆਂ ਵਿਚ ਪਿੰਡ ਜਾਂਦੀ, ਪਹਿਲਾਂ ਨਾਲੋਂ ਵੱਖਰੀ ਹੁੰਦੀ, ਵੱਡੀ ਹੁੰਦੀ, ਸੁਚੇਤ ਹੁੰਦੀ। ਭੋਲਾਪਣ ਨਿਰਛਲ ਹਾਸੇ ਮੇਰੇ ਹੱਥੋਂ ਤਿਲਕਣ ਲੱਗੇ। ਇਕ ਵਾਰ ਉਹ ਮੇਰੇ ਪੈਰਾਂ ਦੇ ਨਹੁੰ ਕੱਟ ਰਿਹਾ ਸੀ ਤਾਂ ਆਪਣੇ ਮੋਢਿਆਂ ਤੇ ਵਧਦੀ ਜ਼ਿੰਮੇਵਾਰੀ ਵਰਗੇ ਬੋਲ ਬੋਲਿਆ, ‘ਬੀਬਾ ਜੀ ਤਾਂ ਹੁਣ ਵੱਡੇ ਹੋ ਗਏ ਜੀ, ਬੱਸ ਹੋਰ ਸਾਲ ਦੋ ਸਾਲ ਨੂੰ ਆਪਾਂ ਰਿਸ਼ਤਾ ਦੇਖਣ ਲੱਗੀਏ। ਹਰਨੇਕ ਦੇ ਇਹ ਬੋਲ ਮਾਂ ਜੀ ਨੂੰ ਤੇਲ ਦੇ ਤੜਕੇ ਵਾਂਗ ਲੱਗੇ। ਉਨ੍ਹਾਂ ਅਨੁਸਾਰ ਇਹ ਜੁਆਨ ਹੋ ਰਹੀ ਧੀ ਵੱਲ ਅੱਖ ਭਰ ਕੇ ਦੇਖਣ ਦੀ ਹਿੰਮਤ ਨੂੰ ਵੰਗਾਰ ਸੀ। ਮਾਂ ਜੀ ਕੜਕੇ ਬੱਸ ਹਰਨੇਕ ਅੱਜ ਤੋਂ ਬਾਅਦ ਤੂੰ ਕੁੜੀ ਦੇ ਨਹੁੰ ਨਹੀਂ ਲਾਹੁਣੇ, ਇਹ ਆਪੇ ਲਾਹੂਗੀ। ਹਰਨੇਕ ਡਰ ਗਿਆ। ਜਿਵੇਂ ਉਸ ਨੇ ਗੰਦੀ ਗਾਲ੍ਹ ਦੇ ਦਿੱਤੀ ਹੋਵੇ। ਉਹ ਨੀਵੀਂ ਪਾਈ ਬਿਨਾ ਕੁਝ ਕਹੇ ਘਰੋਂ ਬਾਹਰ ਤੁਰ ਗਿਆ। ਉਸ ਦਿਨ ਪਿੱਛੋਂ ਮੈਂ ਅੱਜ ਤਕ ਉਸ ਨਾਈ ਨੂੰ ਨਹੀਂ ਵੇਖਿਆ। ਉਸ ਦਾ ਇਉਂ ਨੀਵੀਂ ਪਾ ਤੁਰ ਜਾਣਾ ਮੇਰੇ ਬਚਪਨ ਦਾ ਤੁਰ ਜਾਣਾ ਹੀ ਕਿਹਾ ਜਾ ਸਕਦਾ ਹੈ ਜੋ ਗਿਆ ਤੇ ਮੁੜ ਨਹੀਂ ਆਇਆ।’ ਇਹ ਬੜੀ ਅਜੀਬ ਗੁੰਝਲ ਹੈ ਕਿ ਜਦ ਸਰਦਾਰਾਂ ਦੀਆਂ ਕੁੜੀਆਂ ਖੁਦ ਸਰਦਾਰਨੀਆਂ ਬਣ ਜਾਂਦੀਆਂ ਹਨ ਤਾਂ ਨਾਕੇਵਲ ਪਿੱਤਰੀ ਪ੍ਰਬੰਧ ਨੂੰ ਅਪਣਾ ਲੈਂਦੀਆਂ ਹਨ ਸਗੋਂ ਕੰਮੀਆਂ ਪ੍ਰਤੀ ਕਠੋਰ ਵੀ ਹੋ ਜਾਂਦੀਆਂ ਹਨ।
ਉਸ ਦੀਆਂ ਕਾਫੀ ਕਹਾਣੀਆਂ ਪੰਜਾਬ ਸੰਕਟ ਨਾਲ ਸਬੰਧਤ ਹਨ। ਬਲਵਿੰਦਰ ਕੌਰ ਬਰਾੜ ਦੀ ਹਮਦਰਦੀ ਖਾੜਕੂ ਧਿਰ ਨਾਲ ਸੀ ਪਰ ਉਸ ਨੇ ਕਹਾਣੀਆਂ ਵਿਚ ਕਿਸੇ ਧਿਰ ਦਾ ਵਿਚਾਰਧਾਰਕ ਪੱਖ ਪੂਰਨ ਦੀ ਥਾਂ ਸਥਿਤੀ ਦੇ ਘਟਨਾਵੀ ਵਿਵੇਕ ਨੂੰ ਮਾਨਵੀ ਪੱਖ ਤੋਂ ਪੇਸ਼ ਕੀਤਾ ਹੈ। ਉਸ ਦੀਆਂ ਕਹਾਣੀਆਂ ਦੇ ਕੇਂਦਰ ਵਿਚ ਰਾਜਸੀ ਵਿਚਾਰਧਾਰਾ ਨਹੀਂ ਸਗੋਂ ਮਾਰੇ ਗਏ ਪੁੱਤਾਂ ਦੀਆਂ ਮਾਵਾਂ ਦੇ ਵੈਣ ਤੇ ਭੈਣਾਂ ਦੀਆਂ ਵਿਲਕਣੀਆਂ, ਪਤਨੀ ਦੀਆਂ ਧਾਹਾਂ ਤੇ ਧੀਆਂ ਦੀਆਂ ਭੁੱਬਾਂ ਹਨ। ਭਰਾਵਾਂ ਦੇ ਤੁਰ ਜਾਣ ਤੇ ਟੁੱਟਦੀਆਂ ਬਾਹਾਂ ਦਾ ਅਹਿਸਾਸ ਹੈ। ਪੁੱਤਰਾਂ ਦੇ ਮਾਰੇ ਜਾਣ ਤੇ ਪਿਓਆਂ ਵੱਲੋਂ ਅਰਥੀ ਨੂੰ ਦਿੱਤੇ ਮੋਢਿਆਂ ਦਾ ਦਰਦ ਹੈ। ਉਸ ਦੀਆਂ ਕਹਾਣੀਆਂ ਤਰਕ ਹੈ ਕਿ ਅੰਨ੍ਹੇ ਅਣਮਨੁੱਖੀ ਪੁਲਿਸ ਤਸ਼ੱਦਦ ਨੇ ਕਈ ਬੇਕਸੂਰੇ ਨੌਜਵਾਨਾਂ ਨੂੰ ਅੱਤਵਾਦ ਦੀ ਭੱਠੀ ਵਿਚ ਝੋਕ ਦਿੱਤਾ। ਘੱਟ ਜ਼ਮੀਨਾਂ ਵਾਲਿਆਂ ਲਈ ਜਦੋਂ ਸਾਰੇ ਰਸਤੇ ਬੰਦ ਹੋ ਗਏ ਤਾਂ ਉਹ ਮਰਨ ਮਾਰਨ ਦੀ ਖੇਡ ਵਿਚ ਉੱਤਰ ਪਏ। ਉਨ੍ਹਾਂ ਨੇ ਪਿਛਲੇਰੀਆਂ ਲਿਖਤਾਂ ਵਿਚ ਪਰਵਾਸੀਆਂ ਦੇ ਜੀਵਨ ਅਨੁਭਵ ਨੂੰ ਵੀ ਪੇਸ਼ ਕੀਤਾ ਹੈ ਜਿਸ ਵਿਚ ਦੇਸ਼ ਦੀ ਗਰੀਬੀ ਦੇ ਮੁਕਾਬਲੇ ਵਿਦੇਸ਼ ਦੀ ਅਮੀਰੀ ਹੰਢਾਉਂਦੇ ਪੰਜਾਬੀਆਂ ਦੇ ਅੰਦਰ ਖਤਮ ਹੁੰਦੇ ਮੋਹ ਦੇ ਚਸ਼ਮੇ ਦੀ ਕਥਾ ਕਹੀ ਹੈ। ਉਸ ਦੀ ਅਸਲ ਸ਼ਕਤੀ ਭਾਸ਼ਾ ਪ੍ਰਯੋਗ ਹੈ। ਔਰਤ ਮਨ ਦੇ ਕੋਮਲ ਜਜ਼ਬਿਆਂ ਨੂੰ ਉਸ ਨੇ ਪਹਿਲੀ ਵਾਰ ਮੋਹ ਭਰੀ ਮਲਵੱਈ ਭਾਸ਼ਾ ਵਿਚ ਵਰਤਿਆ ਹੈ। ਰਚਨਾ ਨੂੰ ਰਚਨਾਕਾਰ ਤੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਉਸ ਦੇ ਗਲਪ ਸੰਸਾਰ ਵਿਚ ਜ਼ਿੰਦਗੀ ਦੇ ਸਾਰੇ ਰੰਗ ਮੌਜੂਦ ਹਨ।
ਡਾ.ਰਜਿੰਦਰਪਾਲ ਬਰਾੜ
Comments